DOOR LYRICS
JINNE SAAH LYRICS – NINJA – Channa Mereya
July 30, 2017

ਲੇਖ -ਅਲੋਪ ਹੋ ਰਿਹਾ ਬਚਪਨ

ਜਿੰਦਗੀ ਵਿੱਚ ਮਨੁੱਖ ਉੱਤੇ ਤਿੰਨ ਅਵਸਥਾਵਾਂ ਬਚਪਨ ,ਜਵਾਨੀ ,ਤੇ ਬੁਢਾਪਾ ਆਉਂਦੀਆਂ ਹਨ । ਜਿਨਾਂ ਵਿੱਚੋਂ ਬਚਪਨ ਇੱਕ ਅਜਿਹੀ ਅਵਸਥਾ ਹੈ ਜੋ ਵਿਅਕਤੀ ਉੱਤੇ ਜਨਮ ਦੇ ਸ਼ੁਰੂਆਤੀ ਵਰਿਆਂ ਵਿੱਚ ਆਉਂਦੀ ਤੇ ਜਵਾਨੀ ਦੇ ਮੁੱਢ ਤੱਕ ਰਹਿੰਦੀ ਹੈ ।ਬਚਪਨ ਦੀਆਂ ਮਾਣੀਆਂ ਮੌਜਾਂ ਤੇ ਮਾਣਿਆ ਨਿੱਘ ਵਿਅਕਤੀ ਨੂੰ ਹਮੇਸ਼ਾਂ ਜਿੰਦਗੀ ਦੇ ਅੰਤਲਿਆਂ ਸਾਹਾਂ ਤੱਕ ਯਾਦ ਰਹਿੰਦਾ ਹੈ ।

ਪਰ ਅਜੋਕੇ ਸਮੇਂ ਵਿੱਚ ਸਮੇਂ ਦੀ ਰਫਤਾਰ ਤੇ ਅਜੋਕੇ ਮਸ਼ੀਨੀ ਯੁੱਗ ਕਰਕੇ ਬੱਚਿਆਂ ਤੋਂ ਉਹਨਾਂ ਦੇ ਹਿੱਸੇ ਦਾ ਬਚਪਨਾ ਦੂਰ ਹੁੰਦਾ ਜਾ ਰਿਹਾ ਹੈ । ਜੋ ਬਚਪਨ ਪਿਛਲੇ ਸਮਿਆਂ ਵਿੱਚ ਵੇਖਣ ਨੂੰ ਮਿਲਦਾ ਸੀ ਉਹ ਹੁਣ ਅਲੋਪ ਹੁੰਦਾ ਜਾ ਰਿਹਾ ਹੈ ।

ਕਦੇ ਉਹ ਵੀ ਸਮਾਂ ਸੀ ,ਨਿੱਕੇ ਨਿੱਕੇ ਬੱਚੇ ਬੱਚੀਆਂ ਦਾ ਆਪਸ ਵਿੱਚ ਮਿਲਕੇ ਖੇਡਣਾ ,ਬੱਚੀਆਂ ਨੇ ਗੁੱਡੀਆਂ ਪਟੋਲੇ ,ਦਾਈ ਦੁੱਕੜੇ ,ਛੂਹਣ ਛੁਹਾਈ ,ਰੋੜੇ ਖੇਡਣੇ ,ਪੀਚੋ ਖੇਡਣੀ ,ਇਸ ਦੇ ਨਾਲ ਹੀ ਬੱਚਿਆਂ ਨੇ ਟੋਲੀਆਂ ਬਣਾ ਕਿ ਸਕੂਟਰ ਜਾਂ ਸਾਈਕਲ ਦੇ ਪੁਰਾਣੇ ਟਾਇਰਾਂ ਨੂੰ ਲੱਕੜ ਦੇ ਛੋਟੇ ਛੋਟੇ ਡੰਡਿਆਂ ਨਾਲ ਗਲੀ ਵਿੱਚ ਤੇਜ ਭਜਾ ਕਿ ਇੱਕ ਦੂਜੇ ਬੇਲੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਨੀ ,ਪਰਾਲੀ ਦੇ ਢੇਰਾਂ ਤੇ ਛਾਲਾਂ ਮਾਰਨੀਆਂ ,ਪਤੰਗਾਂ ਪਿੱਛੇ ਦੌੜਦੇ ਦੌੜਦੇ ਪਿੰਡ ਦੀਆਂ ਪੈਲੀਆਂ ਵਿੱਚ ਚਲੇ ਜਾਣਾ ,ਟੋਭਿਆਂ ਤੇ ਜਾ ਕਿ ਮੱਝਾਂ,ਗਾਵਾਂ ਨੁਹਾਉਣੀਆਂ ,ਤੇ ਮੱਝਾਂ ਗਾਵਾਂ ਦੀਆਂ ਪੂਛਾਂ ਫੜ ਕਿ ਟੋਭਿਆਂ ਵਿੱਚ ਬੱਚਿਆਂ ਨੇ ਤਾਰੀਆਂ ਲਾਉਣੀਆਂ ,ਕੋਠਿਆ ਤੇ ਚੜ ਕਿ ਐਨਟੀਨਾਂ ਠੀਕ ਕਰਨਾ ,ਬਰਸੀਮ ਦੀਆਂ ਡੰਡੀਆਂ ਚੱਬ ਕਿ ਪੀਪਣੀਆਂ ਬਣਾ ਕਿ ਉੱਚੀ ਉੱਚੀ ਪੀਪਣੀਆਂ ਵਜਾਉਣੀਆਂ ,ਖਾਲਾਂ ਵਿੱਚ ਚੁੱਭੀਆਂ ਮਾਰਨੀਆਂ,ਸੂਇਆਂ ਕੱਸੀਆਂ ਤੇ ਨਹਾਉਣਾ ,ਬੇਬੇ ਬਾਪੂ ਤੋਂ ਰੁਪਿਆ ਲੈ ਕਿ ਸੰਤਰੇ ਆਲੀਆ ਗੋਲੀਆਂ ਲੈ ਕਿ ਖਾਣੀਆਂ ,ਮੀਂਹ ਪੈਂਦੇ ਚ ਨਹਾਈ ਜਾਣਾ ,ਬਾਪੂ ਜੀ ਨਾਲ ਸਾਇਕਲ ਦੇ ਮੂਹਰਲੇ ਡੰਡੇ ਤੇ ਬੈਠ ਕਿ ਝੂਟੇ ਲੈਣੇ ,ਰੋਟੀ ਵਿੱਚ ਖੰਡ ਲਪੇਟ ਕਿ ਪੂਣੀ ਬਣਾ ਕਿ ਖਾਣੀ ,ਹੱਥਾਂ ਵਿੱਚ ਲੱਕੜ ਦੀ ਫੱਟੀ ਤੇ ਮੋਢੇ ਬੋਰੀ ਆਲਾ ਝੋਲਾ ਪਾ ਕਿ ਸਕੂਲ ਨੂੰ ਜਾਣਾ ,ਰੀਝ ਨਾਲ ਫੱਟੀਆਂ ਨੂੰ ਗਾਜੀ ਨਾਲ ਪੋਚਣਾ ,ਜਚਾ ਕਿ ਮਾਸਟਰਾਂ ਜੀਆਂ ਦਾ ਕੰਮ ਕਰਨਾ ਤੇ ਸੋਹਣਾ ਕੰਮ ਕਰਨ ਤੇ ਮਾਸਟਰ ਜੀ ਤੋਂ ਸ਼ਾਬਾਸ ਮਿਲਣੀ ਤੇ ਖੁਸ਼ ਹੋਣਾ ,ਖੁੱਦੋ ਖੂੰਡੀ ਖੇਡਣੀ ,ਬਾਂਦਰ ਕਿੱਲਾ ਖੇਡਣਾ ,ਇੱਟ ਅੱਗੇ ਰੋੜਾ ਜੋੜ ਕਿ ਟਰੈਕਟਰ ਟਰਾਲੀ ਖੇਡਣਾ, ਆਦਿ ਗੱਲਾਂ ਹੁਣ ਬਚਪਨ ਵਿੱਚ ਕਿਤੋਂ ਨੀ ਲੱਭਦੀਆਂ ।

ਅਜੋਕੇ ਬੱਚਿਆਂ ਦੀ ਜਿੰਦਗੀ ਨੂੰ ਵੇਖ ਕਿ ਇੰਝ ਲੱਗਦਾ ਕਿ ਇਹਨਾਂ ਦਾ ਬਚਪਨ ਇਨਾਂ ਤੋਂ ਦੂਰ ਚਲਾ ਗਿਆ ਹੈ ।ਅਜੋਕੇ ਸਮੇਂ ਵਿੱਚ ਬੱਚਿਆਂ ਦਾ ਬਚਪਨ ਜਿਆਦਾਤਰ ਮੋਬਾਇਲ ਫੋਨਾਂ ,ਵੀਡੀਓ ਗੇਮਾਂ ਅਤੇ ਟੈਲੀਵਿਜ਼ਨ ਨੇ ਖੋਹ ਲਿਆ ਹੈ ।ਹੁਣ ਉਹ ਗੱਲਾਂ ਦੇਖਣ ਵਿੱਚ ਨਹੀ ਆਉਂਦੀਆਂ ਕਿ ਬੱਚਿਆਂ ਨੂੰ ਕੋਈ ਖੇਡ ਜਾਂ ਖਿਡਾਉਣਾ ਆਦਿ ਦੇ ਕਿ ਰੋਂਦਿਆਂ ਨੂੰ ਚੁੱਪ ਕਰਾਇਆ ਜਾ ਸਕਦਾ ਹੈ ।ਜੇ ਅੱਜ ਦੇ ਬੱਚਿਆਂ ਨੂੰ ਖਿਡਾਉਣਾ ਦੇ ਕਿ ਰੋਦਿਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰੀਏ ਤਾਂ ਉਹ ਚੁੱਪ ਬਹੁਤ ਘੱਟ ਹੋਣਗੇ ਪਰ ਜੇ ਉਹਨਾਂ ਨੂੰ ਮੋਬਾਇਲ ਫੜਾ ਦਿਉ ਤਾਂ ਝੱਟ ਹੋ ਚੁੱਪ ਹੋ ਜਾਂਦੇ ਹਨ ।ਇਸ ਦਾ ਸਭ ਤੋਂ ਵੱਡਾ ਕਾਰਨ ਬੱਚਿਆਂ ਦੀ ਮੋਬਾਇਲ ਫੋਨਾਂ ਨਾਲ ਜਿਆਦਾ ਨੇੜਤਾ ਹੈ ।ਇਸ ਤੋਂ ਇਲਾਵਾ ਵੀਡੀਉ ਗੇਮਾਂ ਤੇ ਟੈਲੀਵਿਜ਼ਨ ਨੇ ਵੀ ਕਾਫੀ ਹੱਦ ਤੱਕ ਬਚਪਨ ਨੂੰ ਝੰਜੋੜ ਕਿ ਰੱਖ ਦਿੱਤਾ ਹੈ ।

ਹੁਣ ਦੇ ਸਮੇਂ ਵਿੱਚ ਜੇ ਅਸੀਂ ਆਪਣੇ ਤੇ ਗੁਜ਼ਰੇ ਬਚਪਨ ਨੂੰ ਵੇਖਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਨਿਰਾਸ਼ਾ ਹੀ ਹੱਥ ਲੱਗੇਗੀ ।ਹਾਂ ਜੇ ਸਾਨੂੰ ਹੁਣ ਕੁਝ ਵੇਖਣ ਨੂੰ ਮਿਲੇਗਾ ਤਾਂ ਉਹ ਹੈ , "ਬੱਚਿਆਂ ਦਾ ਮੋਬਾਇਲ ਗੇਮਾਂ ਵਿੱਚ ਵਿਅਸਤ ਹੋਇਆ ਹੋਣਾ ,ਟੈਲੀਵਿਜ਼ਨ ਉੱਤੇ ਕਾਰਟੂਨ ਜਾਂ ਕਾਰਟੂਨਾਂ ਦੇ ਨਾਟਕ ਵੇਖਣ ਵਿੱਚ ਵਿਆਸਤ ਹੋਏ ਹੋਣਾ ,ਤੇ ਜਾ ਫਿਰ ਕੰਪਿਊਟਰ ਤੇ ਵੀਡੀਓ ਗੇਮਾਂ ਖੇਡਣ ਵਿੱਚ ਰੁੱਝੇ ਹੋਣਾ ।

ਸਾਨੂੰ ਚਾਹੀਦਾ ਹੈ ਕਿ ਆਪਣਿਆਂ ਬੱਚਿਆਂ ਦੀ ਕੰਪਿਊਟਰ,ਮੋਬਾਇਲ ,ਟੈਲੀਵਿਜ਼ਨ ਦੀ ਵਰਤੋਂ ਨੂੰ ਸੀਮਤ ਕਰੀਏ। ਤਾਂ ਜੋ ਉਹਨਾਂ ਦੀ ਜਿੰਦਗੀ ਵਿਚ ਬਚਪਨ ਦੀ ਨਵੀਂ ਰੂਹ ਫੂਕੀ ਜਾ ਸਕੇ ।

ਜਸਵੰਤ ਸਿੰਘ ਜੋਗਾ

%d bloggers like this: